ਅਕਾਲੀ ਦਲ ਦਾ ਐਨਡੀਏ ਤੋਂ ਵੱਖ ਹੋਣਾ ਮੰਦਭਾਗਾ | ਆਖਰੀ ਮੌਕੇ ‘ਤੇ ਅਕਾਲੀ ਦਲ ਦਾ ਵਿਰੋਧ ਕਰਨਾ ਸਿਰਫ ਸਿਆਸੀ ਮਨੋਰਥ ਹੱਲ ਕਰਨਾ : ਅਸ਼ਵਨੀ ਸ਼ਰਮਾ

20200927_134931

ਪੰਜਾਬ ਦੀ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਪੰਜਾਬ ਭਾਜਪਾ ਦੀ ਕੋਰ ਸਮੂਹ ਮੀਟਿੰਗ ਕੀਤੀ ਗਈ ਜਿਸ ‘ਚ ਅਕਾਲੀ ਦਲ ਵਲੋਂ ਐਨਡੀਏ ਛੱਡਣ ਬਾਰੇ ਵਿਚਾਰ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਭਾਜਪਾ ਦੀ ਰਾਏ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਐਨਡੀਏ ਤੋਂ ਵੱਖ ਹੋਣਾ ਬਹੁਤ ਮੰਦਭਾਗਾ ਹੈ। ਭਾਜਪਾ ਨੇ ਸਦਾ ਹੀ ਰਾਜਗ ਦੀਆਂ ਭਾਈਵਾਲ ਪਾਰਟੀਆਂ ਦਾ ਸਤਿਕਾਰ ਕੀਤਾ ਹੈ। ਪੰਜਾਬ ਵਿਚ ਵੀ ਭਾਜਪਾ ਨੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਹਮੇਸ਼ਾ ਅਕਾਲੀ ਦਲ ਨਾਲ ਗੱਠਜੋੜ ਧਰਮ ਨਿਭਾਇਆ ਹੈ। ਹੁਣ ਭਾਜਪਾ ਉਨ੍ਹਾਂ ਮਸਲਿਆਂ ‘ਤੇ ਅਕਾਲੀ ਦਲ ਨਾਲ ਸਹਿਮਤ ਨਹੀਂ ਹੈ, ਜਿਨ੍ਹਾਂ’ ਤੇ ਅਕਾਲੀ ਦਲ ਨੇ ਸੰਬੰਧ ਤੋੜੇ ਹਨ। ਭਾਜਪਾ ਪੰਜਾਬ ਇਹ ਮੰਨਦੀ ਹੈ ਕਿ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ। ਭਾਜਪਾ ਨੇ ਇਨ੍ਹਾਂ ਕਾਨੂੰਨਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਲਗਾਤਾਰ ਗੱਲਬਾਤ ਕੀਤੀ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਅਕਾਲੀ ਦਲ ਵੱਲੋਂ ਇਨ੍ਹਾਂ ਕਾਨੂੰਨਾਂ ਬਾਰੇ ਜੋ ਵੀ ਸਵਾਲ ਚੁੱਕੇ ਗਏ ਸਨ, ਕੇਂਦਰ ਸਰਕਾਰ ਨੇ ਉਨ੍ਹਾਂ ਸਾਰਿਆਂ ਦੇ ਜਵਾਬ ਦਿੱਤੇ ਸਨ। ਅਕਾਲੀ ਦਲ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਤਸੱਲੀ ਸੀ ਅਤੇ ਉਹ ਲਗਾਤਾਰ ਤਿੰਨ ਮਹੀਨਿਆਂ ਤੋਂ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਕਰ ਰਿਹਾ ਹੈ। ਭਾਜਪਾ ਪੰਜਾਬ ਦਾ ਮੰਨਣਾ ਹੈ ਕਿ ਹੁਣ ਆਖਰੀ ਸਮੇਂ ਅਕਾਲੀ ਦਲ ਦਾ ਵਿਰੋਧ ਕਰਨਾ ਆਪਣੇ ਰਾਜਨੀਤਿਕ ਸਵਾਰਥ ਨੂੰ ਸਿੱਧ ਕਰਨਾ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਿਛਲੇ 6 ਸਾਲਾਂ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਕੀਤੇ ਗਏ ਕੰਮ ਬੇਜੋੜ ਹਨ।

ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਦਿਆਂ, ਕਿਸਾਨਾਂ ਦੀ ਫਸਲ ਦਾ ਲਾਗਤ ਮੁੱਲ ”ਚ ਡੇਢ਼ ਗੁਣਾ ਵਧਾ ਕੇ ਐਮਐਸਪੀ ਦੇਣਾ, ਹਰ ਸਾਲ ਸਰਕਾਰੀ ਖਰੀਦ ਵਿੱਚ ਰਿਕਾਰਡ ਵਾਧਾ, 11 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਸਾਲਾਨਾ 6000 ਰੁਪਏ ਸਿੱਧੇ ਭੇਜਣਾ, ਨਿੰਮ ਕੋਟੇਡ ਯੂਰੀਆ ਦੀ ਸਪਲਾਈ ਸੁਨਿਸ਼ਚਿਤ ਕਰਨਾ, ਕਿਸਾਨ ਕ੍ਰੈਡਿਟ ਕਾਰਡ ਦੀ ਪ੍ਰਣਾਲੀ ਨੂੰ ਮਜ਼ਬੂਤ ​​ਕਰਨਾ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਲਈ 1.5 ਲੱਖ ਕਰੋੜ ਰੁਪਏ ਦਾ ਫੰਡ ਜਾਰੀ ਕਰਨਾ ਸਮੇਤ ਕਈ ਅਹਿਮ ਕਦਮ ਚੁੱਕੇ ਗਏ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਅਕਾਲੀ ਦਲ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨਾਲ ਖੜਾ ਦਿੱਖ ਰਿਹਾ ਹੈ। ਪੰਜਾਬ ਭਾਜਪਾ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਐਮਐਸਪੀ ਸੀ, ਐਮਐਸਪੀ ਹੈ ਅਤੇ ਐਮਐਸਪੀ ਹੋਵੇਗੀ। ਮੰਡੀਆਂ ਵਿੱਚ ਵੀ ਕੋਈ ਤਬਦੀਲੀ ਨਹੀਂ ਹੋਵੇਗੀ ਅਤੇ ਸਰਕਾਰ ਮੰਡੀ ਵਿੱਚ ਆਉਣ ਵਾਲੀ ਕਿਸਾਨ ਦੀ ਹਰ ਇੱਕ ਫਸਲ ਦੀ ਖਰੀਦ ਲਈ ਵਚਨਬੱਧ ਹੈ।

ਪੰਜਾਬ ਭਾਜਪਾ ਕਿਸਾਨਾਂ ਅਤੇ ਕਿਸਾਨ ਸੰਗਠਨਾਂ ਨੂੰ ਅੰਦੋਲਨ ਛੱਡ ਕੇ ਗੱਲਬਾਤ ਲਈ ਅੱਗੇ ਆਉਣ ਦੀ ਅਪੀਲ ਕਰਦੀ ਹੈ। ਸ਼ਰਮਾ ਨੇ ਕਿਹਾ ਕਿ ਭਾਜਪਾ ਅਤੇ ਕੇਂਦਰ ਸਰਕਾਰ ਦੀ ਕੇਂਦਰੀ ਲੀਡਰਸ਼ਿਪ ਖੁੱਲੇ ਮਨ ਨਾਲ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ।

ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਮਦਨ ਮੋਹਨ ਮਿੱਤਲ, ਅਵਿਨਾਸ਼ ਰਾਏ ਖੰਨਾ, ਸ਼ਵੇਤਾ ਮਲਿਕ, ਵਿਜੇ ਸਾਂਪਲਾ, ਬ੍ਰਿਜ ਲਾਲ ਰਿਣਵਾ, ਮਨੋਰੰਜਨ ਕਾਲੀਆ, ਪ੍ਰੋ: ਰਾਜਿੰਦਰ ਭੰਡਾਰੀ, ਤਕਸ਼ਣ ਸੂਦ, ਜੀਵਨ ਗੁਪਤਾ, ਡਾ ਸੁਭਾਸ਼ ਸ਼ਰਮਾ , ਅਤੇ ਮਾਲਵਿੰਦਰ ਸਿੰਘ ਕੰਗ ਵੀ ਮੌਜੂਦ ਸਨ।
ਰਾਕੇਸ਼ ਗੋਇਲ