ਅਸ਼ਵਨੀ ਸ਼ਰਮਾ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਅਫਗਾਨਿਸਤਾਨ ਤੋਂ ਹਿੰਦੂ-ਸਿੱਖਾਂ ਨੂੰ ਉਥੋਂ ਕਢਣ ਦੀ ਕੀਤੀ ਅਪੀਲ।

img-20210413-wa0023
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਰਤ ਸਰਕਾਰ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਪੱਤਰ  ਲਿਖ ਕੇ ਤਾਲਿਬਾਨ ਦਰਮਿਆਨ ਚੱਲ ਰਹੀ ਸੱਤਾ ਦੀ ਲੜਾਈ ਕਾਰਨ ਉੱਥੇ ਲਗਾਤਾਰ ਵਿਗੜ ਰਹੀ ਸਥਿਤੀ ਦੇ ਵਿਚਕਾਰ ਅਫਗਾਨਿਸਤਾਨ ਵਿੱਚ ਮੌਜੂਦ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਉਥੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਥੇ ਫਸੇ ਹਿੰਦੂ-ਸਿੱਖ ਪਰਿਵਾਰਾਂ ਨੂੰ ਛੇਤੀ ਤੋਂ ਛੇਤੀ ਮਦਦ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਫਗਾਨਿਸਤਾਨ ‘ਤੇ ਤਾਲਿਬਾਨ ਵਲੋਂ ਕਬਜ਼ੇ ਕਾਰਨ ਉਥੋਂ ਦੀ ਰਾਜਧਾਨੀ ਸਮੇਤ ਪੂਰੇ ਦੇਸ਼’ ਚ ਕੋਹਰਾਮ ਮਚ ਗਿਆ ਹੈ ਅਤੇ ਲੋਕ ਤਾਲਿਬਾਨ ਤੋਂ ਜਾਣ ਬਚਾ ਕੇ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਛੇ ਗੁਰਦੁਆਰਿਆਂ ਵਿੱਚੋਂ ਸਿਰਫ ਇੱਕ ਗੁਰਦੁਆਰਾ ਸਾਹਿਬ ਹੀ ਖੁੱਲ੍ਹਾ ਹੈ ਅਤੇ ਉਥੇ ਫਸੇ ਲੋਕਾਂ ਵਿੱਚ ਲੁਧਿਆਣਾ ਵਿੱਚ ਰਹਿਣ ਵਾਲੇ ਅਫਗਾਨਾਂ ਦੇ ਰਿਸ਼ਤੇਦਾਰ ਵੀ ਹਨ ਅਤੇ ਉੱਥੇ ਰਹਿੰਦੇ ਹਿੰਦੂ-ਸਿੱਖ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਾਲਾਂਕਿ ਭਾਰਤ ਸਰਕਾਰ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਅਫਗਾਨਿਸਤਾਨ ਦੀ ਸਥਿਤੀ ‘ਤੇ ਲਗਾਤਾਰ ਨਜਰ ਰਖ ਰਹੇ ਹਨ, ਪਰ ਉੱਥੇ ਫਸੇ ਹਿੰਦੂ-ਸਿੱਖ ਪਰਿਵਾਰ ਇਸ ਸਮੇਂ ਵੱਡੀ ਮੁਸੀਬਤ ਵਿੱਚ ਹਨ, ਕਿਉਂਕਿ ਤਾਲਿਬਾਨ ਅਤੇ ਕੱਟੜਪੰਥੀਆਂ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਬਾਰੇ ਪੂਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈI ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਤੋਂ ਆ ਰਹੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਉੱਥੇ ਸਥਿਤੀ ਕਿੰਨੀ ਸੰਵੇਦਨਸ਼ੀਲ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਹਿਲ ਦੇ ਆਧਾਰ ‘ਤੇ ਉੱਥੋਂ ਫਸੇ ਹਿੰਦੂ-ਸਿੱਖ ਪਰਿਵਾਰਾਂ ਦੀ ਸੁਰੱਖਿਅਤ ਨਿਕਾਸੀ ਦਾ ਪ੍ਰਬੰਧ ਕਰੇ।