ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਅਮਰਿੰਦਰ ਬਣਾ ਰਹੇ ਹਨ,ਆਕਸੀਜਨ ਦਾ ਬਹਾਨਾ : ਅਸ਼ਵੰਨੀ ਸ਼ਰਮਾ

ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ ਮਰੀਜ਼ਾਂ ਨੂੰ ਸੰਭਾਲਣ ਵਿੱਚ ਆਪਣੀ ਅਸਫਲਤਾ ਨੂੰ ਲੁਕਾਉਣ ਲਈ ਸੂਬੇ ਵਿੱਚ ਆਕਸੀਜਨ ਦੀ ਘਾਟ ਦਾ ਰਾਗ ਛੇੜ ਕੇ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਲੋਕਾਂ ਨੂੰ ਆਕਸੀਜਨ ਅਤੇ ਕੋਰੋਨਾ ਟੀਕਾ ਉਪਲਬਧ ਕਰਾਉਣ ਵਿਚ ਅਸਫਲ ਰਹੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕਾਂਗਰਸ ਸਰਕਾਰ ਖਿਲਾਫ ਸਖਤ ਨੋਟਿਸ ਲੈਂਦੀਆਂ ਕਿਹਾ ਕਿ ਪਹਿਲਾਂ ਪੰਜਾਬ ਨੂੰ ਗੁਆਂਢੀ ਰਾਜਾਂ ਤੋਂ ਰੋਜ਼ਾਨਾ 90 ਮੀਟ੍ਰਿਕ ਟਨ ਤਰਲ ਆਕਸੀਜਨ ਸਪਲਾਈ ਕੀਤੀ ਜਾਂਦੀ ਸੀ ਅਤੇ ਹੁਣ ਕੋਰੋਨਾ ਦੀ ਦੂਜੀ ਲਹਿਰ ਵਿਚ ਕੈਪਟਨ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਪ੍ਰਤੀ ਦਿਨ 120 ਮੀਟ੍ਰਿਕ ਟਨ ਤਰਲ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ। ਜੋ ਕਿ ਬਹੁਤ ਹਾਸੋ-ਹੀਣਾ ਮੰਗ ਲੱਗਦੀ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਸਾਲ ਦੌਰਾਨ ਕੋਰੋਨਾ ਦੇ ਸਮੇਂ ਦੌਰਾਨ ਹੋਏ ਨੁਕਸਾਨ ਤੋਂ ਸਬਕ ਨਹੀਂ ਲਿਆ ਅਤੇ ਇਸ ਨੂੰ ਹਲਕੇ ਜਿਹੇ ਲੈਂਦਿਆਂ ਇਸ ਵਾਰ ਕੋਰੋਨਾ ਦੀ ਦੂਜੀ ਲਹਿਰ ਵਿਚ ਸੂਬੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਅ ‘ਤੇ ਲਗਾ ਦਿੱਤਾ ਹੈ। ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਸਭ ਤੋਂ ਵੱਡੀ ਸਹਾਇਕ ਆਕਸੀਜਨ ਹੈ, ਜਿਸਦੀ ਸਪਲਾਈ ਕਰਨ ਵਿਚ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਅਸਫਲ ਰਹੀ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਕਸੀਜਨ ਲਈ ਪੰਜਾਬ ਦੂਜੇ ਰਾਜਾਂ ਉੱਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਖੇ ਸਥਾਪਤ ਆਕਸੀਜਨ ਪਲਾਂਟ ਪ੍ਰਤੀ ਦਿਨ 120 ਮੀਟ੍ਰਿਕ ਟਨ ਤਰਲ ਆਕਸੀਜਨ, ਹਰਿਆਣੇ ਵਿੱਚ ਪਾਨੀਪਤ ਵਿਖੇ ਸਥਾਪਤ ਆਕਸੀਜਨ ਪਲਾਂਟ 40 ਮੀਟ੍ਰਿਕ ਟਨ ਪ੍ਰਤੀ ਦਿਨ ਤਰਲ ਆਕਸੀਜਨ, ਉਤਰਾਖੰਡ ਵਿਖੇ ਲਾਂਡੇ ਆਕਸੀਜਨ ਪਲਾਂਟ 150 ਮੀਟ੍ਰਿਕ ਟਨ ਪ੍ਰਤੀ ਦਿਨ ਅਤੇ ਸੇਲਾਕੁਈ (ਦੇਹਰਾਦੂਨ) ਵਿਖੇ ਆਕਸੀਜਨ ਪਲਾਂਟ ਪ੍ਰਤੀ ਦਿਨ 30 ਮੀਟ੍ਰਿਕ ਟਨ ਤਰਲ ਆਕਸੀਜਨ ਪੈਦਾ ਕਰਦਾ ਹੈ। ਪੰਜਾਬ ਨੂੰ ਇਸ ਵੇਲੇ ਹਿਮਾਚਲ ਪ੍ਰਦੇਸ਼ ਦੇ ਬੱਦੀ ਪਲਾਂਟ, ਹਰਿਆਣਾ ਦੇ ਪਾਨੀਪਤ ਅਤੇ ਉਤਰਾਖੰਡ ਦੇ ਲਿੰਡੇ ਅਤੇ ਸੇਲਾਕੁਈ (ਦੇਹਰਾਦੂਨ) ਤੋਂ 90 ਟਨ ਆਕਸੀਜਨ ਦੀ ਸਪਲਾਈ ਮਿਲ ਰਹੀ ਸੀ। ਪਰ ਕੋਰੋਨਾ ਮਰੀਜਾਂ ਦੀ ਵੱਧ ਰਹੀ ਗਿਣਤੀ ਦੇ ਕਾਰਨ, ਇਨ੍ਹਾਂ ਰਾਜਾਂ ਤੋਂ ਸਪਲਾਈ ਵਿੱਚ ਵਿਘਨ ਪਿਆ ਹੈ। ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਤਰਲ ਆਕਸੀਜਨ ਨੂੰ ਰਾਜ ਤੋਂ ਬਾਹਰ ਉਤਪਾਦਕਾਂ ਵਲੋਂ ਹੀ ਦੁਬਾਰਾ ਭਰਿਆ ਜਾਂਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਤਰਲ ਆਕਸੀਜਨ ਭਰਨ ਲਈ ਪੰਜਾਬ ਵਿੱਚ ਕੋਈ ਪਲਾਂਟ ਨਹੀਂ ਹੈ। ਅਮਰਿੰਦਰ ਸਿੰਘ ਦੀ ਪੰਜਾਬ ਵਿਰੋਧੀ ਨੀਤੀਆਂ ਕਾਰਨ ਕੋਈ ਵੀ ਨਿਵੇਸ਼ਕ ਇਥੇ ਉਦਯੋਗ ਸਥਾਪਤ ਕਰਨ ਲਈ ਤਿਆਰ ਨਹੀਂ ਹੈ ਅਤੇ ਜੋ ਕੁਝ ਪਹਿਲਾਂ ਤੋਂ ਚਲ ਰਹੇ ਹਨ ਉਹ ਵੀ ਇੱਥੋਂ ਪਰਵਾਸ ਕਰਨ ਲਈ ਤਿਆਰ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਾਲਤ ਇਹ ਹੈ ਕਿ ‘ਬੂਹੇ ਖੜੀ ਜੰਨ, ਵਿਨੋ ਕੁੜੀ ਦੇ ਕੰਨ’ ਯਾਨੀ ਕੋਰੋਨਾ ਦੇ ਮਰੀਜ਼ ਮੌਤ ਦੀ ਲੜਾਈ ਲੜ ਰਹੇ ਕਪਤਾਨ ਦੇ ਬੂਹੇ ’ਤੇ ਆ ਖੜੋਤੇ ਹਨ ਅਤੇ ਅਮਰਿੰਦਰ ਸਿੰਘ ਨੂੰ ਹੁਣ ਸੂਬੇ ‘ਚ ਆਕਸੀਜਨ ਸਥਾਪਤ ਕਰਨ ਦੀ ਘਾਟ ਨਜਰ ਆਉਣ ਲੱਗੀ ਹੈ। ਪਿਛਲੇ ਪੰਜ ਸਾਲਾਂ ਤੋਂ ਅਮਰਿੰਦਰ ਸਿੰਘ ਕਿੱਥੇ ਸੁੱਤੇ ਪਏ ਸਨ? ਪਿਛਲੇ ਸਾਲ ਕੋਰੋਨਾ ਨੇ ਜਦੋਂ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਸੀ ਤਾਂ ਅਮਰਿੰਦਰ ਸਿੰਘ ਨੂੰ ਕਿਉਂ ਕੁਝ ਵੀ ਦਿਖਾਈ ਜਾਂ ਸੁਣਾਈ ਨਹੀਂ ਦਿੱਤਾ?
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਸੂਬੇ ਦੀ ਕਾਂਗਰਸ ਸਰਕਾਰ ਨੇ ਉਦਯੋਗ ਨੂੰ ਦਿੱਤੇ ਜਾਣ ਵਾਲੀ ਆਕਸੀਜਨ ਸਪਲਾਈ ‘ਚ ਵੀ ਕਟੌਤੀ ਕਰ ਦਿੱਤੀ ਹੈ। ਹੁਣ ਉਨ੍ਹਾਂ ਨੂੰ ਲੋੜ ਅਨੁਸਾਰ ਪਹਿਲੇ ਦੇ ਮੁਕਾਬਲੇ 50 ਪ੍ਰਤੀਸ਼ਤ ਆਕਸੀਜਨ ਦਿੱਤੀ ਜਾ ਰਹੀ ਹੈ, ਜਿਸ ਕਾਰਨ ਇਹ ਸਾਰੇ ਉਦਯੋਗ ਬੰਦ ਹੋਣ ਦੇ ਕਗਾਰ ‘ਤੇ ਆ ਗਏ ਹਨ। ਬਾਕੀ ਆਕਸੀਜਨ ਨੂੰ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ, ਤਾਂ ਜੋ ਆਕਸੀਜਨ ਦੀ ਘਾਟ ਕਾਰਨ ਕਿਸੇ ਮਰੀਜ਼ ਦੀ ਜਾਨ ਨਾ ਜਾ ਸਕੇ। ਸ਼ਰਮਾ ਨੇ ਕਿਹਾ ਕਿ ਜੇ ਅਮਰਿੰਦਰ ਸਿੰਘ ਦੀਆਂ ਅੱਖਾਂ ਪਹਿਲਾਂ ਖੁੱਲੀ ਹੁੰਦੀਆਂ ਅਤੇ ਉਹਨਾਂ ਨੇ ਸੂਬੇ ਵਿਚ ਆਕਸੀਜਨ ਪਲਾਂਟ ਸਥਾਪਤ ਕਰਵਾਏ ਹੁੰਦੇ, ਤਾਂ ਅੱਜ ਇਹ ਨੌਬਤ ਹੀ ਨਹੀਂ ਆਉਂਦੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਹਰ ਰਾਜ ਵਿੱਚ ਆਕਸੀਜਨ ਅਤੇ ਦਵਾਈਆਂ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦੀ ਸਹਾਇਤਾ ਲਈ ਸੈਨਾ ਅਤੇ ਰੇਲਵੇ ਨੂੰ ਮੈਦਾਨ ਵਿੱਚ ਉਤਾਰਿਆ ਹੈ। ਮੋਦੀ ਦੀ ਵਿਦੇਸ਼ਾਂ ਵਿੱਚ ਪ੍ਰਸਿੱਧੀ ਕਾਰਨ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਵੀ ਭਾਰਤ ਨੂੰ ਆਕਸੀਜਨ ਅਤੇ ਕੋਰੋਨਾ ਟੀਕੇ ਲਈ ਕੱਚਾ ਮਾਲ ਦੇਣਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਅਸੀਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਕੋਰੋਨਾ ਦੀ ਦੂਸਰੀ ਲਹਿਰ ਨਾਲ ਲੜ ਕੇ ਜਿੱਤ ਪ੍ਰਾਪਤ ਕਰਾਂਗੇ।