ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਅੱਜ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਸਰਕਾਰ ਖਿਲਾਫ ਕਰ ਰਹੇ ਹਨ ਵਿਰੋਧ ਪ੍ਰਦਰਸ਼ਨ।

ashwani-sharma-2

ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ‘ਲਾਰਲੱਪਾ ਅਵਾਰਡ’ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਮੂਹ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਅਤੇ ਇੱਥੋਂ ਤੱਕ ਕਿ ਸੈਕਟਰੇਟ ਦੇ ਕਰਮਚਾਰੀ ਆਪਣੀਆਂ ਮੰਗਾਂ ਲਈ ਕਾਂਗਰਸ ਸਰਕਾਰ ਵਿਰੁੱਧ ਆਪਣਾ ਕੰਮ ਛੱਡ ਕੇ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ, ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਪ੍ਰਦਰਸ਼ਨ ਕਰ ਰਹੇ ਵਰਕਰਾਂ ਦੀ ਆਵਾਜ਼ ਨੂੰ ਦਬਾਉਣ ਲਈ ਉਨ੍ਹਾਂ ’ਤੇ ਲਾਠੀਚਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਚ ਜੰਗਲ ਰਾਜ ਬਣਾਇਆ ਹੋਇਆ ਹੈ। ਅੱਜ ਪੰਜਾਬ ਵਿੱਚ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਡਰੱਗ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ, ਲੈਂਡ ਮਾਫੀਆ, ਗੈਂਗਸਟਰ ਮਾਫੀਆ ਆਦਿ ਦਾ ਰਾਜ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਨਮਤ ਲੈਣ ਲਈ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ ਅਤੇ ਰਾਜ ਦੀ ਸੱਤਾ ਪ੍ਰਾਪਤ ਕੀਤੀ ਸੀ, ਪਰ ਉਹ ਸਾਰੇ ਚੋਣ ਵਾਅਦੇ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਹਵਾ ਸਾਬਤ ਹੋਏ, ਜੋ ਅੱਜ ਤੱਕ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਤਾ ਵਿੱਚ ਆਉਂਦਿਆਂ ਹੀ ਗਿਰਗਿਟ ਵਾਂਗ ਆਪਣਾ ਰੰਗ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਈ.ਟੀ.ਟੀ. ਅਧਿਆਪਕ, ਆਂਗਣਵਾੜੀ ਵਰਕਰ, ਬਿਜਲੀ ਵਿਭਾਗ ਦੇ ਕਰਮਚਾਰੀ, ਠੇਕੇ ਦੇ ਅਧਾਰ ‘ਤੇ ਲੱਗੇ ਕਰਮਚਾਰੀ, ਮਨਰੇਗਾ ਵਰਕਰ, ਡਾਕਟਰ ਅਤੇ ਪੈਰਾ ਮੈਡੀਕਲ ਸਟਾਫ, ਮਨਿਸਟਰੀਅਲ ਸਟਾਫ, ਪਨਬਸ ਵਰਕਰ ਆਦਿ ਸਭ ਹੜਤਾਲ‘ ਤੇ ਹਨ। ਕਾਂਗਰਸ ਸਰਕਾਰ ਕੁੰਭਕਰਨੀ ‘ਚ ਸੁੱਤੀ ਪਈ ਹੈ। ਸਰਕਾਰੀ ਵਿਭਾਗਾਂ ਦੀ ਹੜਤਾਲ ਕਾਰਨ ਆਮ ਲੋਕਾਂ ਦੇ ਸਾਰੇ ਕੰਮ ਠੱਪ ਹਨ ਅਤੇ ਜਨਤਾ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਜਨਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਸਨੂੰ ਜਨਤਾ ਦੀ ਕੋਈ ਫਿਕਰ ਨਹੀਂ ਹੈ। ਇੱਥੇ ਹਰ ਕੋਈ ਆਪਣੀ-ਆਪਣੀ ਕੁਰਸੀ ਅਤੇ ਤਾਕਤ ਦੇ ਲੈ ਲੜਾਈ ਵਿਚ ਜੁਟਿਆ ਹੋਇਆ ਹੈI ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਦੇ ਮੁੱਦੇ ਨੂੰ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਆਵਾਜ਼ ਚੁੱਕੀ, ਪਰ ਪ੍ਰਧਾਨ ਦਾ ਅਹੁਦਾ ਮਿਲਦਿਆਂ ਹੀ ਉਹ ਸਭ ਕੁਝ ਭੁੱਲ ਗਏ। ਸ਼ਰਮਾ ਨੇ ਕਿਹਾ ਕਿ ਸਿੱਧੂ ਪਿਛਲੇ ਸਾਢੇ ਚਾਰ ਸਾਲਾਂ ਤੋਂ ਉਸੀ ਕਾਂਗਰਸ ਸਰਕਾਰ ਦਾ ਹਿੱਸਾ ਵੀ ਰਹੇ ਹਨ, ਜਿਸ ਵਿਰੁੱਧ ਉਨ੍ਹਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਪ੍ਰਧਾਨ ਦੀ ਕੁਰਸੀ ਮਿਲਦਿਆਂ ਹੀ ਇਹ ਸਭ ਕੁਝ ਖਤਮ ਹੋ ਗਿਆ। ਸ਼ਰਮਾ ਨੇ ਕਿਹਾ ਕਿ ਕੀ ਸਿੱਧੂ ਨੂੰ ਸਾਢੇ ਚਾਰ ਸਾਲਾਂ ‘ਚ ਕਾਂਗਰਸ ਸਰਕਾਰ ਦੇ ਬਿਜਲੀ ਨਾਲ ਜੁੜੇ ਕੰਮ ਨਜਰ ਨਹੀਂ ਆਏ? ਉਨ੍ਹਾਂ ਕਿਹਾ ਕਿ ਸਿੱਧੂ ਮੌਕਾਪ੍ਰਸਤ ਹਨ ਅਤੇ ਆਪਣੀ ਰਾਜਸੀ ਕੁਰਸੀ ਅਤੇ ਆਪਣੇ ਅਹੁਦੇ ਲਈ ਹਰ ਸਮੇਂ ਕੋਈ ਨਾ ਕੋਈ ਅਵਸਰ ਭਾਲਦੇ ਰਹਿੰਦੇ ਹਨ। ਹੁਣ ਉਹਨਾਂ ਨੂੰ ਪ੍ਰਧਾਨ ਦਾ ਅਹੁਦਾ ਮਿਲ ਗਿਆ ਹੈ, ਇਸ ਲਈ ਹੁਣ ਉਨ੍ਹਾਂ ਲਈ ਸਭ ਕੁਝ ਠੀਕ ਹੈI ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪੁੱਜ ਚੁੱਕਾ ਹੈ। ਲੋਕ ਕਾਂਗਰਸ ਦੇ ਅੱਤਿਆਚਾਰਾਂ ਨਾਲ ਤ੍ਰਾਹਿ-ਤ੍ਰਾਹਿ ਕਰ ਰਹੇ ਹਨ ਅਤੇ ਇਹ ਗੁੱਸਾ ਪੰਜਾਬ ਵਿਚ ਕਾਂਗਰਸ ਦੀ ਬਰਬਾਦੀ ਦਾ ਕਾਰਨ ਬਣੇਗਾ ਅਤੇ ਇਸ ਵਾਰ ਜਨਤਾ ਕਾਂਗਰਸ ਦੇ ਭ੍ਰਿਸ਼ਟ ਮੰਤਰੀਆਂ ਅਤੇ ਨੇਤਾਵਾਂ ਸਮੇਤ ਕੈਪਟਨ ਦੇ ਨੂੰ ਸੱਤਾ ਤੋਂ ਬਾਹਰ ਕੱਢ ਕੇ ਰਹੇਗੀI ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਕੇਂਦਰ ਦੀ ਮੋਦੀ ਸਰਕਾਰ ਵਾਂਗ ਪੰਜਾਬ ਵਿੱਚ ਵੀ ਇੱਕ ਮਜ਼ਬੂਤ ਸਰਕਾਰ ਚਾਹੁੰਦੇ ਹਨ ਅਤੇ ਇਸ ਵਾਰ ਭਾਜਪਾ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।