ਕੈਪਟਨ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਬੰਦ ਕਰੋ, ਨੈਤਿਕਤਾ ਦੇ ਅਧਾਰ ‘ਤੇ ਗੱਦੀ ਛੱਡੋ

ashwani-sharma

ashwani_sharma2

ਕੈਪਟਨ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਬੰਦ ਕਰੋ, ਨੈਤਿਕਤਾ ਦੇ ਅਧਾਰ ‘ਤੇ ਗੱਦੀ ਛੱਡੋ : ਅਸ਼ਵਨੀ ਸ਼ਰਮਾ
ਸ਼ਰਾਬ ਤ੍ਰਾਸਦੀ ‘ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਭਾਜਪਾ ਦੀਆਂ ਪੂਰੀਆਂ ਸੰਵੇਦਨਾਵਾਂ : ਸ਼ਰਮਾ

ਨਸ਼ਾ ਮਾਫੀਆ ਦੀ ਪਾਲਣਹਾਰ ਕਾਂਗਰਸ ਵੱਲੋਂ 120 ਜਾਨਾਂ ਦੇ ਨਿਆਂ ਲਈ ਭਾਜਪਾ ਸੜਕਾਂ ਤੇ ਕਰੇਗੀ ਅੰਦੋਲਨ : ਅਸ਼ਵਨੀ ਸ਼ਰਮਾ

ਅਸ਼ਵਨੀ ਸ਼ਰਮਾ ਮਾਝਾ ਦੇ ਦੁਖੀ ਪਰਿਵਾਰਾਂ ਦਾ ਦੁੱਖ ਸਾਂਝਾ ਕਰਨ ਲਈ ਤਿੰਨ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਘਰ-ਘਰ ਪੁੱਜੇ।

ਅੰਮ੍ਰਿਤਸਰ: 6 ਅਗਸਤ : ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਅਤੇ ਬੇਲਗਾਮ ਨਸ਼ਾ ਮਾਫੀਆ ਦੀ ਗੈਰ ਕਾਨੂੰਨੀ ਜ਼ਹਿਰੀਲੀ ਸ਼ਰਾਬ ਕਾਰਨ ਨਿਰਦੋਸ਼ ਮੌਤਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਅਤੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਬਟਾਲਾ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਪਿੰਡਾਂ ਦਾ ਦੌਰਾ ਕੀਤਾ। ਜਿਵੇਂ ਹੀ ਅਸ਼ਵਨੀ ਸ਼ਰਮਾ ਪੁੱਜੇ, ਪੀੜਤ ਪਰਿਵਾਰਾਂ ਦੇ ਹੰਝੂ ਵਹਿ ਨਿਕਲੇ ਅਤੇ ਦੁਖੀ ਪਰਿਵਾਰਾਂ ਨੇ ਕਾਂਗਰਸ ਸਰਕਾਰ ਦੇ ਕੁਸ਼ਾਸਨ ਅਤੇ ਅੱਤਿਆਚਾਰਾਂ ਦੀ ਦਾਸਤਾਨ ਭਾਵਨਾਵਾਂ ‘ਚ ਵਹਿ ਕੇ ਸ਼ਰਮਾਂ ਦੇ ਸਾਹਮਣੇ ਸੁਣਾਈ । ਸ਼ਰਮਾ ਨੇ ਦੁਖੀ ਪਰਿਵਾਰਾਂ ਦੀ ਸੋਗ ਦੀ ਕਹਾਣੀ ਸੁਣਨ ਤੋਂ ਬਾਅਦ ਭਰੋਸਾ ਦਿੱਤਾ ਕਿ ਭਾਜਪਾ ਉਨ੍ਹਾਂ ਦੇ ਨਾਲ ਨਿਆਂ ਮਿਲਣ ਤੱਕ ਉਹਨਾਂ ਦੇ ਨਾਲ ਖੜ੍ਹੀ ਹੈ।

ਅਸ਼ਵਨੀ ਸ਼ਰਮਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਗੈਰ ਕਾਨੂੰਨੀ ਜ਼ਹਿਰੀਲੀ ਸ਼ਰਾਬ ਨਾਲ 120 ਨਿਰਦੋਸ਼ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਅਜੇ ਵੀ ਕਈ ਲੋਕ ਹਸਪਤਾਲ ਵਿੱਚ ਜਾਨ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਆਗੂ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ, ਕਿਉਂਕਿ ਰਾਜਨੀਤਿਕ ਦਬਾਅ ਬਣਾ ਕੇ ਇਹ ਕਾਂਗਰਸੀ ਆਗੂ ਪੁਲਿਸ ਨੂੰ ਆਪਣੇ ਖੇਤਰਾਂ ਵਿਚ ਆਪਣਾ ਕੰਮ ਕਰਨ ਤੋਂ ਰੋਕਦੇ ਹਨ। ਦੂਜੇ ਪਾਸੇ ਇਸ ਮਾਮਲੇ ਵਿਚ ਆਪਣੀ ਭਰੋਸੇਯੋਗਤਾ ਨੂੰ ਬਚਾਉਣ ਲਈ ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾਇਆ, ਉਧਰ ਦੂਜੇ ਪਾਸੇ ਉਸ ਨੇ ਸ਼ਰਾਬ ਦੇ ਛੋਟੇ ਤਸਕਰਾਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ, ਪਰ ਵੱਡੀਆਂ ਮੱਛੀਆਂ ਅਜੇ ਵੀ ਉਸ ਦੀ ਪਹੁੰਚ ਤੋਂ ਬਾਹਰ ਹਨ ਅਤੇ ਨਸ਼ਾ ਮਾਫੀਆ ਨੂੰ ਪੰਜਾਬ ਵਿਚ ਕਾਂਗਰਸ ਸਰਕਾਰ ਦੀ ਸੁਰੱਖਿਆ ਮਿਲੀ ਹੋਈ ਹੈ ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਪੰਜਾਬ ਵਿਚ ਬੇਤਹਾਸ਼ਾ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਸੀ ਅਤੇ ਸ਼ਰਾਬ ਮਾਫੀਆ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਨੇ ਹਜ਼ਾਰਾਂ ਕਰੋੜ ਦੀ ਕਮਾਈ ਕੀਤੀ ਅਤੇ ਪੰਜਾਬ ਦੇ ਮਾਲ ਵਿਭਾਗ ਨੂੰ 5600 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ। ਭਾਜਪਾ ਦੇ ਵਿਰੋਧ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਲਦਬਾਜ਼ੀ ਵਿਚ ਆਪਣੀ ਭਰੋਸੇਯੋਗਤਾ ਨੂੰ ਬਚਾਉਣ ਲਈ ਐਸ.ਆਈ.ਟੀ. ਦਾ ਗਠਨ ਕਰਕੇ ਨਸ਼ਾ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿਤੀ, ਪਰ ਜਦੋਂ ਇਸ ਵਿਚ ਕਾਂਗਰਸੀ ਨੇਤਾਵਾਂ ਦੇ ਨਾਮ ਸਾਹਮਣੇ ਆਉਣੇ ਸ਼ੁਰੂ ਹੋਏ ਤਾਂ ਐਸ.ਆਈ.ਟੀ. ਜਾਂਚ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ। ਇਸ ਤੋਂ ਬਾਅਦ ਵੀ ਸੂਬੇ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਗੋਰਖਧੰਧਾ ਲਗਾਤਾਰ ਜਾਰੀ ਹੈ।

ਅਸ਼ਵਨੀ ਸ਼ਰਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਲਾਸ਼ਾਂ ‘ਤੇ ਮਾੜੀ ਰਾਜਨੀਤੀ ਤੋਂ ਪਰਹੇਜ਼ ਕਰਨ, ਕਿਉਂਕਿ ਜੇਕਰ ਸੂਬੇ ਦੀ ਜਵਾਨੀ ਮੌਤ ਦੇ ਗਰਤ ਵਿੱਚ ਡੁੱਬ ਜਾਵੇਗੀ, ਤਾਂ ਫਿਰ ਵੋਟਾਂ ਦੀ ਮੰਗ ਕਿਸ ਕੋਲੋਂ ਕਰੋਗੇ ! ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕੇਸ ਬਾਰੇ ਸੀ ਬੀ ਆਈ ਜਾਂਚ ਦੀ ਮੰਗ ਕਰਨੀ ਚਾਹੀਦੀ ਸੀ, ਜਦੋਂ ਕਿ ਅਸੀਂ ਇਕ ਜ਼ਿੰਮੇਵਾਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਕੇਂਦਰ ਸਰਕਾਰ ‘ਤੋਂ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ ਅਤੇ ਕੇਂਦਰੀ ਲੀਡਰਸ਼ਿਪ ਨੇ ਇਸ ਮਾਮਲੇ ‘ਤੇ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਅਤੇ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੀੜਤ ਪਰਿਵਾਰਾਂ ਦੀ ਇਸ ਲੜਾਈ ਵਿੱਚ ਮੋਢੇ ਨਾਮ ਮੋਢਾ ਜੋੜ ਕੇ ਨਿਆਂ ਪ੍ਰਾਪਤ ਕਰਨ ਤੱਕ ਨਾਲ ਲੜੇਗੀ। ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਸੂਬੇ ਭਰ ਵਿਚ ਕਾਂਗਰਸ ਸਰਕਾਰ ਵਿਰੁੱਧ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਅਤੇ ਭਾਜਪਾ ਮਹਿਲਾ ਮੋਰਚਾ ਲੋਕਾਂ ਨੂੰ ਨਾਲ ਲੈ ਕੇ ਅਤੇ ਭਾਜਪਾ ਦੇ ਹੋਰ ਮੋਰਚੇ ਅਤੇ ਸੈਲ ਨਸ਼ਾ ਕੇਸਾਂ ਦੇ ਮੁੱਦੇ ਤੇ ਕੈਪਟਨ ਨੂੰ ਗੱਦੀ ਛੱਡਣ ਲਈ ਮਜਬੂਰ ਹੋਣ ਤੱਕ ਕਾਂਗਰਸ ਸਰਕਾਰ ਵਿਰੁੱਧ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕਰਨਗੇ, ਤਾਂ ਜੋ ਖੁਦ ਕੈਪਟਨ ਅਮਰਿੰਦਰ ਸਿੰਘ ਸ਼ਰਮ ਦੇ ਮਾਰੇ ਗੱਦੀ ਛੱਡ ਦੇਣ ਅਤੇ ਜਨਤਾ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਦੇ ਕੁਸ਼ਾਸਨ ਤੋਂ ਛੁਟਕਾਰਾ ਮਿਲੇ ।

ਇਸ ਮੌਕੇ ਭਾਜਪਾ ਰਾਸ਼ਟਰੀ ਸੱਕਤਰ ਤਰੁਣ ਚੁੱਘ, ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਸਾਬਕਾ ਸੂਬਾ ਮੰਤਰੀ ਜਗਦੀਸ਼ ਸਾਹਨੀ, ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਗਾ, ਰਾਕੇਸ਼ ਗਿੱਲ, ਰਾਜਿੰਦਰ ਮੋਹਨ ਸਿੰਘ ਛੀਨਾ, ਸੂਬਾ ਸਕੱਤਰ ਰਾਜੇਸ਼ ਹਨੀ, ਰੀਨਾ ਜੇਤਲੀ, ਸੂਬਾ ਮੀਡੀਆ ਸਹਿ-ਮੁਖੀ ਜਨਾਰਦਨ ਸ਼ਰਮਾ, ਅਰੁਣ ਸ਼ਰਮਾ, ਕੇਵਲ ਕੁਮਾਰ, ਨਰੇਸ਼ ਸ਼ਰਮਾ, ਕੰਵਰ ਜਗਦੀਪ ਸਿੰਘ, ਰਾਹੁਲ ਮਹੇਸ਼ਵਰੀ, ਸੰਜੀਵ ਖੰਨਾ, ਅਨੁਜ ਭੰਡਾਰੀ, ਬਟਾਲਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਭਾਟੀਆ, ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਔਲਖ, ਤਰਨਤਾਰਨ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਬਾਠ, ਰਾਜੀਵ ਸ਼ਰਮਾ (ਮਾਨਾ) ਆਦਿ ਹਾਜ਼ਰ ਸਨ।