ਪੰਜਾਬ ਵਿੱਚ ਚੱਲ ਰਿਹਾ ਮੌਤ ਦਰ 2.5% ਦਾ ਆੰਕੜਾ ਬਹੁਤ ਹੀ ਡਰਾਉਣ ਵਾਲਾ : ਅਸ਼ਵਨੀ ਸ਼ਰਮਾ

img-20210413-wa0023
ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਸੰਭਾਲਣ ਵਿੱਚ ਨਾਕਾਮ ਹੋਣ ਲਈ ਸੂਬੇ ਦੀ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸਬ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਵਿਭਾਗ ਦੀ ਲਾਪ੍ਰਵਾਹੀ ਅਤੇ ਨਾਲਾਇਕੀ ਦਾ ਨਤੀਜਾ ਹੈ, ਜਿਹਨਾਂ ਨੇ ਕੋਰੋਨਾ ਦੀ ਪਹਿਲੀ ਲਹਿਰ ਤੋਂ ਸਬਕ ਨਹੀਂ ਲਿਆI ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ ਫੈਲੀ ਕੋਰੋਨਾ ਦੀ ਦੂਸਰੀ ਲਹਿਰ ਵਿੱਚ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜੇ ਅਸੀਂ ਦੇਸ਼ ਦੀ ਗੱਲ ਕਰੀਏ ਤਾਂ ਇਸ ਦੀ ਦਰ 1% ਦੇ ਨੇੜੇ ਹੈ, ਪਰ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਇਸਦੀ ਦਰ 2.5% ਦੇ ਨੇੜੇ ਹੈI ਇਹ ਅੰਕੜਾ ਬਹੁਤ ਡਰਾਉਣਾ ਹੈI ਇਸ ਅੰਕੜੇ ਨੇ ਪੰਜਾਬ ਦੇ ਲੋਕਾਂ ਦੀਆਂ ਨੀਂਦਾਂ ਉੜਾ ਦਿੱਤੀਆਂ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇੱਕ ਪਾਸੇ ਕੋਰੋਨਾ ਪੀੜਤਾਂ ਦੇ ਮਾਮਲਿਆਂ ਵਿੱਚ ਹੋਏ ਭਾਰੀ ਵਾਧੇ ਕਾਰਨ ਆਮ ਆਦਮੀ ਡਰਿਆ ਹੋਇਆ ਹੈ, ਦੂਜੇ ਪਾਸੇ ਲੋਕ ਕਾਰੋਬਾਰ, ਰੁਜ਼ਗਾਰ ਅਤੇ ਹੋਰ ਕਿੱਤਿਆਂ ‘ਚ ਭਾਰੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਹਨ। ਲੋਕ ਪੱਖੀ ਹੋਣ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਨੇ ਅਜੇ ਤੱਕ ਲੋਕਾਂ ਨੂੰ ਕੋਈ ਰਾਹਤ ਦੇਣ ਦਾ ਐਲਾਨ ਨਹੀਂ ਕੀਤਾ ਹੈ। ਅਮਰਿੰਦਰ ਸਿੰਘ ਨੇ ਨਾ ਤਾਂ ਬਿਜਲੀ-ਪਾਣੀ ਦੇ ਬਿੱਲਾਂ ਦੀ ਕੋਈ ਮੁਆਫੀ ਅਤੇ ਨਾ ਹੀ ਕੋਈ ਕਟੌਤੀ ਦਾ ਐਲਾਨ ਕੀਤਾ ਹੈ ਅਤੇ ਨਾ ਹੀ ਆਰਥਿਕ ਨੁਕਸਾਨ ਨਾਲ ਜੂਝ ਰਹੇ ਆਮ ਲੋਕਾਂ ਲਈ ਕੋਈ ਹੋਰ ਰਾਹਤ ਦਿੱਤੀ ਹੈ। ਇਸ ਦੇ ਉਲਟ, ਪਿਛਲੇ ਸਾਲ ਦੇ ਦੌਰਾਨ, ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਅਤੇ ਇਸ ਸਾਲ ਦੇ ਬਜਟ ਤੋਂ ਬਾਅਦ ਨਵੇਂ ਟੈਕਸ ਲਾ ਕੇ, ਲੋਕਾਂ ਨੂੰ ਲੁੱਟਣ ਲਈ ਆਪਣਾ ਗੋਰਖ ਧੰਧਾ ਚਾਲੂ ਰੱਖਿਆ ਹੈ।

ਖ਼ਰਾਬ ਵੈਂਟੀਲੇਟਰਾਂ ਦੇ ਮੁੱਦੇ ‘ਤੇ ਪੰਜਾਬ ਸਰਕਾਰ’ ਤੇ ਵਰ੍ਹਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਕੋਰੋਨਾ ਨਾਲ ਨਜਿੱਠਣ ਲਈ ਇਕ ਸਾਲ ਪਹਿਲਾਂ ਵੈਂਟੀਲੇਟਰਾਂ ਨੂੰ ਪੰਜਾਬ ਸਰਕਾਰ ਨੂੰ ਭੇਜਿਆ ਸੀ ਅਤੇ ਉਹਨਾਂ ‘ਚੋਂ 250 ਤੋਂ ਵੱਧ ਵੈਂਟੀਲੇਟਰ ਬੰਦ ਕਮਰਿਆਂ ‘ਚ ਸਾਲ ਭਰ ਤੋਂ ਜਿਆਦਾ ਸਮੇਂ ਤੱਕ ਧੂੜ ਫਾਕਦੇ ਰਹੇI ਪੰਜਾਬ ਸਰਕਾਰ ਜਾਂ ਉਨ੍ਹਾਂ ਦੇ ਸਿਹਤ ਵਿਭਾਗ ਨੇ ਸਰਾ ਸਾਲ ਉਨ੍ਹਾਂ ਦੀ ਯਾਦ ਕਿਉਂ ਨਹੀਂ ਆਈ? ਕੈਪਟਨ ਸਰਕਾਰ ਨੇ ਉਨ੍ਹਾਂ ਦੀ ਜਾਂਚ ਕਰਨਾ ਜਾਂ ਕਰਵਾਉਣਾ ਕਿਉਂ ਉਚਿਤ ਨਹੀਂ ਸਮਝਿਆ? ਕਾਂਗਰਸੀਆਂ ਦਾ ਕੰਮ ਹੈ ਕਿ ਉਹ ਆਪਣੀਆਂ ਅਸਫਲਤਾਵਾਂ ਨੂੰ ਦੂਜਿਆਂ ਦੇ ਸਿਰ ਤੇ ਪਾਉਣਾ ਅਤੇ ਇਸ ਲਈ ਇਹ ਸਭ ਕੀਤਾ ਜਾ ਰਿਹਾ ਹੈ। ਜੇ ਕੋਈ ਇਲੈਕਟ੍ਰਾਨਿਕ ਉਪਕਰਣ ਸਾਰਾ ਸਾਲ ਬੰਦ ਕਮਰਿਆਂ ਵਿਚ ਧੂੜ ਫ੍ਕਦਾ ਹੈ, ਤਾਂ ਇਸ ਦਾ ਖਰਾਬ ਹੋਣਾ ਜਾਂ ਇਸ ਵਿਚ ਕੋਈ ਹੋਰ ਨੁਕਸ ਪੈਣਾ ਸੁਭਾਵਕ ਹੈI ਪੰਜਾਬ ਸਰਕਾਰ ਦੀ ਬੇਨਤੀ ‘ਤੇ ਕੇਂਦਰ ਸਰਕਾਰ ਨੇ ਤੁਰੰਤ ਹੀ ਉਹਨਾਂ ਨੂੰ ਠੀਕ ਕਰਨ ਲਈ ਇਕ ਟੈਕਨੀਸ਼ੀਅਨ ਭੇਜ ਦਿੱਤੇ ਸਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਕਿਸ ਹੱਦ ਤਕ ਜਾ ਸਕਦੀ ਹੈ ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸੱਤਾ ਧਿਰ ਦੇ ਕੁਝ ਆਗੂ ਸਰਕਾਰੀ ਕੇਂਦਰਾਂ ਨੂੰ ਟੀਕੇ ਦੀ ਸਪਲਾਈ ਰੋਕ ਕੇ ਆਪਣੇ-ਆਪਣੇ ਖੇਤਰਾਂ ਵਿਚ ਟੀਕਾਕਰਨ ਕੈਂਪ ਲਗਾ ਰਹੇ ਹਨ, ਜਿਸ ਨਾਲ ਸਰਕਾਰੀ ਕੇਂਦਰ ਵਿੱਚ ਟੀਕਾਕਰਣ ਪ੍ਰਭਾਵਿਤ ਹੋ ਰਿਹਾ ਹੈ ਅਤੇ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈI ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਕੋਰੋਨਾ ਨਾਲ ਸੰਘਰਸ਼ ਕਰ ਰਹੇ ਲੋਕਾਂ ਲਈ ਟੀਕਾਕਰਣ ਨੂੰ ਸੁਚਾਰੂ ਬਣਾਇਆ ਜਾਵੇ। ਸ਼ਰਮਾ ਨੇ ਕਿਹਾ ਕਿ ਇਸ ਮਹਾਂਮਾਰੀ ਨਾਲ ਜੂਝ ਰਹੇ ਸੂਬੇ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ, ਘੱਟੋ ਘੱਟ ਬਿਜਲੀ-ਪਾਣੀ ਦੇ ਬਿੱਲਾਂ ਨੂੰ ਮੁਆਫ ਕਰਨ ਜਾਂ ਕੁਝ ਛੋਟ ਦਿੱਤੀ ਜਾਵੇ ਅਤੇ ਕੇਂਦਰ ਸਰਕਾਰ ਵਲੋਂ ਭੇਜੇ ਗਏ ਦੋ ਮਹੀਨਿਆਂ ਦੇ ਮੁਫਤ ਰਾਸ਼ਨ ਨੂੰ ਸੂਬੇ ਵਿਚ ਜਲਦ ਤੋਂ ਜਲਦ ਵੰਡਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਮਹਾਂਮਾਰੀ ਨਾਲ ਲੜ ਰਹੇ ਸੂਬੇ ਦੇ ਲੋਕਾਂ ਨੂੰ ਆਪਣਾ ਘਰ ਚਲਾਉਣ ਵਿੱਚ ਕੁਝ ਮਦਦ ਮਿਲ ਸਕੇI