ਭਾਜਪਾ ਸੂਬੇ ਵਿੱਚ ਮੰਡਲ ਪੱਧਰ ਤੱਕ ਵਰਕਰਾਂ ਨੂੰ ਦੇਵੇਗੀ ਸਿਖਲਾਈ : ਅਸ਼ਵਨੀ ਸ਼ਰਮਾ

qwerth
ਭਾਰਤੀ ਜਨਤਾ ਪਾਰਟੀ, ਪੰਜਾਬ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੂਬੇ ਦੇ ਬੂਥ ਪੱਧਰ ਤੱਕ ਵਰਕਰਾਂ ਨੂੰ ਸਿਖਲਾਈ ਦੇਵੇਗੀ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਭਾਜਪਾ ਸਿਖਲਾਈ ਸੈੱਲ ਦੇ ਕਨਵੀਨਰ ਮੋਹਨ ਲਾਲ ਗਰਗ ਨੂੰ ਵਿਸ਼ੇਸ਼ ਤੌਰ ‘ਤੇ 22 ਨਵੰਬਰ 2020 ਨੂੰ ਭਾਜਪਾ ਦੇ ਮੁੱਖ ਦਫਤਰ ਸੈਕਟਰ 37 ਵਿਖੇ ਲਗਾਏ ਜਾਣ ਵਾਲੇ ਸਿਖਲਾਈ ਕੈਂਪ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਕੈਂਪ ਵਿੱਚ ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਵੀ ਮੌਜੂਦ ਰਹਿਣਗੇ। ਇਸਦੇ ਨਾਲ ਹੀ ਸੂਬੇ ਭਰ ਵਿੱਚ ਮੰਡਲ ਪੱਧਰੀ ਵਰਕਰਾਂ ਨੂੰ ਸਿਖਲਾਈ ਦੇਣ ਦੀ ਇਹ ਮੁਹਿੰਮ ਆਰੰਭ ਕੀਤੀ ਜਾਏਗੀ।

                ਜੀਵਨ ਗੁਪਤਾ ਨੇ ਕਿਹਾ ਕਿ ਸਿਖਲਾਈ ਵਰਕਸ਼ਾਪਾਂ ਭਾਜਪਾ ਦੀ ਕਾਰਜਸ਼ੈਲੀ ਵਿਚ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਇਸ ਦੇ ਜ਼ਰੀਏ ਵਰਕਰਾਂ ਨੂੰ ਸਮਾਜ ਸੇਵਾ ਦੀ ਭਾਵਨਾ ਨੂੰ ਕਾਇਮ ਰੱਖਦਿਆਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਰਾਜਨੀਤੀ ਲਈ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਰਕਰ ਨੂੰ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ, ਪਾਰਟੀ ਦੀ ਕਾਰਜਪ੍ਰਣਾਲੀ, ਕੇਂਦਰ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ, ਚੋਣ ਪ੍ਰਬੰਧਨ ਅਤੇ ਸੇਵਾ ਪ੍ਰਣਾਲੀ, ਭਾਜਪਾ ਦੀ ਭੂਮਿਕਾ, ਭਾਰਤੀ ਜਨਤਾ ਪਾਰਟੀ ਅਤੇ ਸਾਡੀ ਜ਼ਿੰਮੇਵਾਰੀ, ਭਾਜਪਾ ਵੱਲੋਂ ਅੰਤਿਯੋਦਿਆ ਦੇ ਯਤਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਖਲਾਈ ਵਾਲੀ ਥਾਂ ‘ਤੇ ਕੋਵਿਡ -19 ਦੇ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਇੰਨ-ਭਿੰਨ ਕੀਤੀ ਜਾਵੇਗੀ। ਜੀਵਨ ਗੁਪਤਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਜ਼ਿਲ੍ਹੇ, ਮੋਰਚਿਆਂ ਅਤੇ ਸੈੱਲਾਂ ਦੇ ਇੰਚਾਰਜ ਅਤੇ ਸਾਰੇ ਸੂਬੇ ਦੇ ਸੀਨੀਅਰ ਆਗੂ ਹਿੱਸਾ ਲੈਣਗੇ ਅਤੇ ਸਿਖਲਾਈ ਤੋਂ ਬਾਅਦ ਇਹ ਸਾਰੇ ਭਾਜਪਾ ਆਗੂ ਆਪੋ-ਆਪਣੇ ਸਰਕਲ ਜਾ ਕੇ ਮੰਡਲ ਪੱਧਰ ਤੱਕ ਵਰਕਰਾਂ ਨੂੰ ਸਿਖਲਾਈ ਦੇਣਗੇ।