ਵੈਂਟੀਲੇਟਰ ਖ਼ਰਾਬ ਹੋਣ ਦਾ ਦਿਖਾਵਾ ਕਰਕੇ ਪੰਜਾਬ ਸਰਕਾਰ ਆਪਣੀ ਅਸਫਲਤਾ ਨੂੰ ਲੁਕਾਉਣ ਦੀ ਕਰ ਰਹੀ ਹੈ ਕੋਸ਼ਿਸ਼: ਇਕਬਾਲ ਸਿੰਘ ਲਾਲਪੁਰਾ

iqbal-singh-lalpura-natinoal-spokesman-bjp
ਪਿਛਲੇ ਸਾਲ ਪ੍ਰਧਾਨ ਮੰਤਰੀ ਕੇਅਰਜ਼ ਫੰਡ ਰਾਹੀਂ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵਲੋਂ ਵੈਨਟੀਲੇਟਰਾਂ ਦੀ ਖਰੀਦ ਕੀਤੀ ਗਈ ਸੀ, ਜਿਸ ਵਿਚੋਂ ਪੰਜਾਬ ਸਰਕਾਰ ਨੂੰ ਵੀ ਵੈਨਟੀਲੇਟਰ ਭੇਜੇ ਗਏ ਸਨ, ਜਿਸਦੀ ਕੁਆਲਟੀ ਅਤੇ ਵਿਗੜਣ ਕਾਰਨ ਪੰਜਾਬ ਸਰਕਾਰ ਅਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰ ਸਰਕਾਰ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਇਨ੍ਹਾਂ ਸਵਾਲਾਂ ਦਾ ਸਖਤ ਨੋਟਿਸ ਲੈਂਦਿਆਂ ਕੌਮੀ ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਦੀ ਪਹਿਲੀ ਲਹਿਰ ਵਿੱਚ ਸੰਕਰਮਣ ਨਾਲ ਹੋਣ ਵਾਲੀਆਂ ਸਾਹ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਇੱਕ ਸਾਲ ਪਹਿਲਾਂ ਪੰਜਾਬ ਸਰਕਾਰ ਨੂੰ ਵੈਂਟੀਲੇਟਰ ਭੇਜੇ ਸਨ, ਤਾਂ ਕੈਪਟਨ ਸਰਕਾਰ ਨੇ ਜਾਂਚ ਕਰਨਾ ਜਾਂ ਕਰਵਾਉਣਾ ਕਿਉਂ ਉਚਿਤ ਨਹੀਂ ਸਮਝਿਆ? ਜੱਦ ਸਾਰਾ ਸਾਲ ਬੰਦ ਕਮਰਿਆਂ ਵਿੱਚ 250 ਤੋਂ ਵੱਧ ਵੈਂਟੀਲੇਟਰ ਧੂੜ ਫ੍ਕਦੇ ਰਹੇ, ਤਾਂ ਉਦੋਂ ਪੰਜਾਬ ਸਰਕਾਰ ਜਾਂ ਉਨ੍ਹਾਂ ਦੇ ਸਿਹਤ ਵਿਭਾਗ ਨੇ ਉਨ੍ਹਾਂ ਦੀ ਯਾਦ ਨਹੀਂ ਆਈ!

ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸੀਆਂ ਦਾ ਕੰਮ ਹੈ ਕਿ ਉਹ ਆਪਣੀਆਂ ਅਸਫਲਤਾਵਾਂ ਨੂੰ ਦੂਜਿਆਂ ਦੇ ਸਿਰ’ ਥੋਪਦੇ ਹਨ ਅਤੇ ਇਸੇ ਲਈ ਇਹ ਸਭ ਕੀਤਾ ਜਾ ਰਿਹਾ ਹੈ। ਕਾਂਗਰਸੀਆਂ ਵਲੋਂ ਵੈਟਿਲੇਟਰਾਂ ਦੀ ਗੁਣਵੱਤਾ ‘ਤੇ ਸਵਾਲ ਚੁੱਕਣਾ ਕੋਈ ਨਵੀਂ ਗੱਲ ਨਹੀਂ ਹੈI ਪੰਜਾਬ ਸਰਕਾਰ ਪਿਛਲੇ ਸਾਲ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤਹਿਤ ਪੰਜਾਬ ਵਿਚ ਉਪਲੱਬਧ ਵੈਂਟੀਲੇਟਰਾਂ ਦੀ ਵਰਤੋਂ ਨਹੀਂ ਕਰ ਸਕੀ ਅਤੇ ਉਲਟਾ ਵੈਂਟੀਲੇਟਰਾਂ ਦੀ ਮਾੜੀ ਕੁਆਲਟੀ ਜਾਂ ਕੁਝ ਸਮੇਂ ਬਾਅਦ ਬੰਦ ਹੋਣ ਦਾ ਕਾਰਨ ਦੱਸੀ ਜਾ ਰਹੀ ਹੈ। ਜੇ ਕੋਈ ਇਲੈਕਟ੍ਰਾਨਿਕ ਉਪਕਰਣ ਸਾਰਾ ਸਾਲ ਬੰਦ ਕਮਰਿਆਂ ਵਿਚ ਧੂੜ ਫ੍ਕਦਾ ਬੰਦ ਪਿਆ ਰਹਿੰਦਾ ਹੈ, ਤਾਂ ਇਸ ਦਾ ਖਰਾਬ ਹੋਣਾ ਜਾਂ ਇਸ ਵਿਚ ਕੋਈ ਹੋਰ ਨੁਕਸ ਪੈਣਾ ਸੁਭਾਵਕ ਹੈI ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਬੇਨਤੀ ‘ਤੇ ਇਸ ਨੂੰ ਠੀਕ ਕਰਨ ਲਈ ਤੁਰੰਤ ਹੀ ਟੈਕਨੀਸ਼ੀਅਨ ਭੇਜ ਦਿੱਤੇ ਸਨ।

ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਵੈਂਟੀਲੇਟਰ ਚਲਾਉਣ ਲਈ ਤਕਨੀਸ਼ੀਅਨ ਦੀ ਘਾਟ ਹੈ। ਪੰਜਾਬ ਦਾ ਸਿਹਤ ਵਿਭਾਗ ਸਟਾਫ ਦੀ ਘਾਟ ਨਾਲ ਜੂਝ ਰਿਹਾ ਹੈI ਪਿਛਲੇ ਸਾਲ ਦੀ ਮਹਾਂਮਾਰੀ ਤੋਂ ਸਬਕ ਨਾ ਲੈਂਦੀਆਂ, ਪੰਜਾਬ ਸਰਕਾਰ ਨੇ ਇਨ੍ਹਾਂ ਵੈਂਟੀਲੇਟਰਾਂ ਨੂੰ ਚਲਾਉਣ ਲਈ ਕਿਤੇ ਵੀ ਨਵਾਂ ਸਟਾਫ ਨਹੀਂ ਰਖਿਆ ਅਤੇ ਨਾਂ ਹੀ ਪੁਰਾਣੇ ਸਟਾਫ਼ ਨੂੰ ਸਿਖਲਾਈ ਦੇਣ ਦਾ ਕੋਈ ਪ੍ਰਬੰਧ ਕੀਤਾ ਅਤੇ ਹੁਣ ਜਦੋਂ ਦੂਜੀ ਲਹਿਰ ਆਪਣਾ ਪ੍ਰਕੋਪ ਢਾਹ ਰਹੀ ਹੈ ਤਾਂ ਕਾਂਗਰਸ ਸਰਕਾਰ ਨੇ ਆਪਣੀ ਨਲਾਇਕੀ ਨੂੰ ਲੁਕਾਉਣ ਲਈ, ਇਸਦਾ ਦੋਸ਼ ਕੇਂਦਰ ਸਰਕਾਰ ‘ਤੇ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨਾ ਬੰਦ ਕਰਨ। ਜਨਤਾ ਸਭ ਕੁਝ ਜਾਣਦੀ ਹੈ ਅਤੇ ਸਮੇਂ ਸਿਰ ਇਸ ਦਾ ਜਵਾਬ ਦੇਣ ਲਈ ਤਿਆਰ ਹੋ ਚੁੱਕੀ ਹੈI