ਸੂਬੇ ਭਰ ਵਿੱਚ ਭਾਜਪਾ ਦੇ 1235 ਉਮੀਦਵਾਰਾਂ ਨੇ ਭਰੇ ਆਪਣੇ ਨੌਮੀਨੇਸ਼ਨ ਫਾਰਮ : ਜੀਵਨ ਗੁਪਤਾ

jeevan-gupta-1
ਸੂਬੇ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਉਪ ਚੋਣਾਂ ਅਤੇ ਸਿਟੀ ਕੌਂਸਲ ਚੋਣਾਂ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਸਥਾਰਪੂਰਵਕ ਵਿਚਾਰ ਵਟਾਂਦਰੇ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਉੱਤੇ ਮੋਹਰ ਲਗਾਏ ਜਾਣ ਤੋਂ ਬਾਅਦ ਹੁਣ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਨਾਮਜ਼ਦਗੀ ਕਾਗਜ ਆਪਣੇ ਖੇਤਰ ਦੇ ਰਿਟਰਨਿੰਗ ਅਧਿਕਾਰੀਆਂ ਨੂੰ ਜਮ੍ਹਾ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸੂਬਾ ਭਾਜਪਾ ਦੇ ਜਨਰਲ ਸੱਕਤਰ ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਉਮੀਦਵਾਰ ਪੂਰੇ ਰਾਜ ਵਿੱਚ ਨਿਡਰਤਾ ਨਾਲ ਚੋਣ ਲੜ ਰਹੇ ਹਨ ਅਤੇ ਆਪਣੇ ਕਾਗਜ਼ ਦਾਖਲ ਕਰ ਰਹੇ ਹਨ।

ਜੀਵਨ ਗੁਪਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਨਿਗਮ ‘ਏ’ ਅਤੇ ‘ਬੀ’ ਸ਼੍ਰੇਣੀ ਵਿੱਚ ਚੋਣ ਨਿਸ਼ਾਨ ‘ਤੇ ਚੋਣ ਲੜਨ ਦਾ ਫੈਸਲਾ ਲਿਆ ਗਿਆ ਸੀ। ‘ਸੀ’ ਕਲਾਸ ਅਤੇ ਨਗਰ ਪੰਚਾਇਤਾਂ ਨੂੰ ਛੋਟ ਦਿੱਤੀ ਗਈ ਸੀ ਕਿ ਕੀ ਵਰਕਰ ਆਪਣੀ ਮਰਜੀ ਨਾਲ ਚੋਣ ਨਿਸ਼ਾਨ ‘ਤੇ ਚੋਣ ਲੜਨਾ ਚਾਹੁੰਦੇ ਸਨ ਜਾਂ ਨਹੀਂ। ਸੂਬੇ ਵਿਚ ਕਾਰਪੋਰੇਸ਼ਨ ‘ਏ’ ਅਤੇ ‘ਬੀ’ ਕਲਾਸ ਦੇ 1630 ਵਾਰਡ ਹਨ, ਜਿਸ ਵਿਚ ਪਾਰਟੀ ਦੇ ਚੋਣ ਨਿਸ਼ਾਨ ‘ਤੇ ਅੱਜ ਤਕਰੀਬਨ 1235 ਵਾਰਡਾਂ ‘ਚੋ ਭਾਜਪਾ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਬਾਕੀ ਜਗ੍ਹਾ ‘ਤੇ ਸਾਡੇ ਉਮੀਦਵਾਰ ਆਜ਼ਾਦ ਰੂਪ ਵਿਚ ਚੋਣ ਲੜ ਰਹੇ ਹਨ।

ਜੀਵਨ ਗੁਪਤਾ ਨੇ ਕਿਹਾ ਕਿ ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਅਤੇ ਸੱਤਾਧਾਰੀ ਕਾਂਗਰਸ ਦੇ ਨੇਤਾ ਕਿਸੇ ਵੀ ਕੀਮਤ ‘ਤੇ ਚੋਣ ਜਿੱਤਣ ਲਈ ‘ਤੇ ਵਿਰੋਧੀ ਧਿਰ ਨੂੰ ਰੋਕਣ ਲਈ, ਲੋਕਤੰਤਰ ਦੀ ਸ਼ਰੇਆਮ ਹਤਿਆ ਕਰਦੇ ਹੋਏ ਗੁੰਡਾਗਰਦੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਕਰਕੇ ਨੀਚ ਰਾਜਨੀਤੀਕ ਚਾਲਾਂ ਦਾ ਸਹਾਰਾ ਲੈ ਰਹੇ ਹਨ। ਪਰ ਜਨਤਾ ਸਭ ਕੁਝ ਵੇਖ ਰਹੀ ਅਤੇ ਸਮਝ ਰਹੀ ਹੈ ਅਤੇ ਇਸਦਾ ਜਵਾਬ ਆਪਣੀ ਵੋਟ ਦੇ ਰੂਪ ਵਿੱਚ ਦੇਵੇਗੀ।